ਮੋਗਾ ਦੇ ਵਿਧਾੲਿਕ ਡਾਕਟਰ ਹਰਜੋਤ ਕਮਲ ਦੀ ਪਹਿਲਕਦਮੀ ਉੱਤੇ ਸ਼ਹਿਰ ਦੀ ਪ੍ਰਸਿੱਧ ਸੜਕ ਦਾ ਨਾਮ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਦੇ ਨਾਮ ਉੱਤੇ ਰੱਖਿਆ ਗਿਆ ਹੈ, ਇਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਸਨਮਾਨ ਕਰਾਰ ਦਿੰਦਿਆਂ ਸੋਨੂੰ ਸੂਦ ਨੇ ਵਿਧਾੲਿਕ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਸੋਨੂੰ ਸੂਦ ਨੇ ਇਕ ਵੀਡੀਉ ਸ਼ੇਅਰ ਕਰਕੇ ਆਪਣੀ ਦਿਲੋਂ ਖੁਸ਼ੀ ਪ੍ਰਗਟ ਕੀਤੀ ਹੈ।
ਵੀਡੀਉ ਵਿੱਚ ਸੋਨੂੰ ਨੇ ਕਿਹਾ ਹੈ ਕਿ ਸੜਕ ਦਾ ਨਾਮਕਰਨ ਉਸਦੀ ਮਾਂ ਦੇ ਨਾਮ ਉੱਤੇ ਕਰਨ ਨਾਲ ਵਿਧਾੲਿਕ ਡਾਕਟਰ ਹਰਜੋਤ ਕਮਲ ਨੇ ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਕੀਤਾ ਹੈ, ਜਿਸ ਨੂੰ ਉਹ ਅਤੇ ਉਹਨਾਂ ਦਾ ਪਰਿਵਾਰ ਕਦੇ ਵੀ ਭੁਲਾ ਨਹੀਂ ਸਕਦਾ।
ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਸਨਮਾਨ ਮਿਲਣ ਉੱਤੇ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਬਹੁਤ ਸ਼ੁਭ ਇੱਛਾਵਾਂ ਮਿਲ ਰਹੀਆਂ ਹਨ, ਜਿਸ ਲਈ ਉਹ ਡਾਕਟਰ ਹਰਜੋਤ ਕਮਲ ਅਤੇ ਹੋਰਾਂ ਦੇ ਬਹੁਤ ਧੰਨਵਾਦੀ ਹਨ। ਉਹਨਾਂ ਕਿਹਾ ਕਿ ਉਹ ਬਹੁਤ ਜਲਦੀ ਆਪਣੇ ਸ਼ਹਿਰ ਮੋਗਾ ਵਿਖੇ ਆਉਣਗੇ ਅਤੇ ਆਪਣੇ ਭਰਾ ਨਾਲ ਇਸ ਸੜਕ ਉੱਤੇ ਖੜ੍ਹ ਕੇ ਸੈਲਫੀ ਲੈਣਗੇ।
ਇਸ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਮੋਗੇ ਦਾ ਜੰਮਪਲ ਸੋਨੂੰ ਸੂਦ ਰੀਲ ਲਾਈਫ਼ ਹੀ ਨਹੀਂ ਸਗੋਂ ਰੀਅਲ ਲਾਈਫ਼ ਦਾ ਵੀ ਹੀਰੋ ਹੈ। ਇਹ ਗੱਲ ਉਹ ਕੋਰੋਨਾ ਟਾਈਮ ‘ਚ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਸਾਬਿਤ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਕਿਉਂਕਿ ਬੱਚਿਆਂ ਨੂੰ ਚੰਗੇ ਸੰਸਕਾਰ ਆਪਣੇ ਮਾਂ ਬਾਪ ਤੋਂ ਹੀ ਮਿਲਦੇ ਹਨ, ਸੋਨੂੰ ਸੂਦ ਦੀ ਮਾਤਾ ਨੇ ਸੋਨੂੰ ਨੂੰ ਹੀ ਨਹੀਂ ਏਥੇ ਪ੍ਰੋਫੈਸਰ ਹੁੰਦਿਆਂ ਮੋਗੇ ਏਰੀਏ ਦੇ ਹਜ਼ਾਰਾਂ ਬੱਚਿਆਂ ਨੂੰ ਸੰਸਕਾਰੀ ਬਣਾਇਆ ਹੈ। ਸੋ ਇਸੇ ਕਰਕੇ ਮੋਗਾ ਦੀ ਇੱਕ ਸੜਕ ਦਾ ਨਾਮ ਸੋਨੂੰ ਸੂਦ ਦੀ ਸਤਿਕਾਰਤ ਮਾਤਾ ਪ੍ਰੋਫੈਸਰ ਸਰੋਜ ਸੂਦ ਦੇ ਨਾਮ ਉੱਪਰ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਡਾ. ਹਰਜੋਤ ਕਮਲ, ਜਿਨ੍ਹਾਂ ਨੇ ਖ਼ੁਦ, ਕੋਰੋਨਾ ਜਦੋਂ ਸਿਖਰ ‘ਤੇ ਸੀ, ਹਲਕੇ ਦੇ ਲੋਕਾਂ ਦੀ ਹਰ ਪੱਖੋਂ ਨਿੱਠ ਕੇ ਮਦਦ ਕੀਤੀ ਸੀ ਅਤੇ ਖ਼ੁਦ ਕੋਰੋਨਾ ਪਾਜਿਟਿਵ ਵੀ ਹੋਏ ਸਨ ਅਤੇ ਠੀਕ ਹੋਣ ਉਪਰੰਤ ਪਲਾਜ਼ਮਾ ਵੀ ਦਾਨ ਕੀਤਾ ਸੀ। ਲੋਕ ਭਲੀ ਭਾਂਤ ਜਾਣਦੇ ਹਨ ਕਿ ਲਾਕ ਡਾਊਨ ਵੇਲੇ ਲੋਕਾਂ ਦੀ ਮਦਦ ਕਰਨੀ ਕਿੰਨਾ ਔਖਾ ਕੰਮ ਸੀ। ਔਖਾ ਹੀ ਨਹੀਂ, ਸਗੋਂ ਜਾਨ ਤਲ਼ੀ ਉੱਤੇ ਧਰ ਕੇ ਕੀਤੇ ਕੰਮ ਬਦਲੇ ਮੋਗਾ ਦੇ ਵਿਧਾਇਕ ਹੋਣ ਦੇ ਨਾਤੇ ਡਾ. ਹਰਜੋਤ ਵੱਲੋਂ ਸੋਨੂ ਸੂਦ ਨੂੰ ਉਸਦੀ ਜੰਮਣਭੌਂਏਂ ਤੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਸੀ।